ਸ਼ਾਇਦ ਲੱਭਦਾ-ਲਭਾਂਦਾ ਕਦੀਂ ਸਾਡੇ ਤੀਕ ਆਵੇ,
ਅਸੀਂ ਓਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ।
ਸ਼ਾਇਦ ਓਹਨੂੰ ਵੀ ਪਿਆਰ ਵਾਲੀ ਮਹਿਕ ਜੇਹੀ ਆਵੇ,
ਅਸੀਂ ਫੁੱਲਾਂ ਉੱਤੇ ਤਿੱਤਲੀ ਬਿਠਾਈ ਜਾਣਕੇ।
ਇੱਕ ਸੋਨੇ ਰੰਗਾ ਸੱਧਰਾਂ ਦਾ ਆਲ੍ਹਣਾ ਬਣਾਇਆ,
ਓਹਨੂੰ ਆਸਾਂ ਵਾਲੀ ਟਾਹਣੀ ਉੱਤੇ ਟੰਗ ਵੀ ਲਿਆ।
ਓਹਦੇ ਵਿੱਚ ਜੋ ਮਲੂਕੜੇ ਜਹੇ ਖ਼ਾਬ ਸੁੱਤੇ ਪਏ,
ਅਸੀਂ ਓਹਨਾਂ ਨੂੰ ਗ਼ੁਲਾਬੀ ਜੇਹਾ ਰੰਗ ਵੀ ਲਿਆ।
ਅੱਜ ਸੁਲ੍ਹਾ-ਸੁਬ੍ਰਾ ਸੰਦਲੀ ਹਵਾਵਾਂ ‘ਚ ਸੁਨੇਹੇ ਦੇ ਕੇ,
ਉੱਡਣੇ ਦੀ ਖ਼ਬਰ ਉਡਾਈ ਜਾਣਕੇ।
ਜਿਹੜਾ ਭੌਰਿਆਂ ਗ਼ੁਲਾਬਾਂ ਵਿੱਚੋਂ ਰਸ ਕੱਠਾ ਕੀਤਾ ਸੀ,
ਉਹ ਕੰਵਲਾਂ ਦੇ ਪੱਤਿਆਂ ਤੇ ਪਾ ਕੇ ਦੇ ਗਏ।
ਮਧੂ-ਮੱਖੀਆਂ ਦੇ ਟੋਲੇ ਸਾਡੇ ਜਜ਼ਬੇ ਨੂੰ ਦੇਖ,
ਸ਼ਹਿਦ ਆਪਣਿਆਂ ਛੱਤਿਆਂ ‘ਚੋਂ ਲਾਹ ਕੇ ਦੇ ਗਏ।
ਅਸੀਂ ਰਸ ਅਤੇ ਸ਼ਹਿਦ ਵਿੱਚ ਸ਼ਬਦ ਮਿਲਾ ਕੇ,
ਸੁੱਚੇ ਇਸ਼ਕੇ ਦੀ ਚਾਸ਼ਣੀ ਬਣਾਈ ਜਾਣ ਕੇ।
ਮੇਰਾ ਗੀਤ ਜੇਹਾ ਮਾਹੀ ਜਦੋਂ ਅੱਖੀਆਂ ਮਿਲਾਵੇ,
ਓਦੋਂ ਸਾਨੂੰ ਆਪੇ ਆਪਣੇ ਤੇ ਨਾਜ਼ ਹੋ ਜਾਵੇ।
ਕਦੀਂ ਲਫ਼ਜਾਂ ਦੀ ਗੋਦੀ ਵਿੱਚ ਬੱਚਾ ਬਣ ਜਾਂਦੇ,
ਕਦੀਂ ਨਜ਼ਮਾਂ ‘ਚ ਬੈਠਾ ‘ਸਰਤਾਜ’ਹੋ ਜਾਵੇ।
ਏਸੇ ਆਸ ‘ਚ ਕਿ ਆ ਕੇ ਜ਼ਰਾ ਪੁੱਛੇਗਾ ਜ਼ਰੂਰ,
ਤਾਂ ਹੀ ਓਹਨੂੰ ਓਹਦੀ ਨਜ਼ਮ ਸੁਣਾਈ ਜਾਣ ਕੇ।
Song Info
Singer | |
---|---|
Language | |
Lyricist | Satinder Sartaaj |
Music | Beat Minister |
Music Label | Punjabi Oye Hoye |